NSS ਰਿਪੋਰਟ -7
ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ, ਜਾਡਲਾ ਵਿਖੇ ਐਨ.ਐੱਸ.ਐੱਸ. ਦਾ ਸੱਤ ਰੋਜ਼ਾ ਵਿਸ਼ੇਸ਼ ਕੈਂਪ (16 ਦਸੰਬਰ 2025 ਤੋਂ 22 ਦਸੰਬਰ 2025 ਤੱਕ) ਸਫਲਤਾ ਨਾਲ ਸੰਪੰਨ


ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ, ਜਾਡਲਾ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੋਫੈਸਰ ਡਾਕਟਰ ਹਰਜਿੰਦਰ ਸਿੰਘ ਪ੍ਰਿੰਸੀਪਲ-ਕਮ-ਡਿਪਟੀ-ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੀ ਯੋਗ ਅਗਵਾਈ ਹੇਠ ਐਨ.ਐੱਸ.ਐੱਸ. ਯੂਨਿਟ ਵੱਲੋਂ ਸੱਤ ਰੋਜ਼ਾ ਵਿਸ਼ੇਸ਼ ਕੈਂਪ ਬੜੀ ਸਫਲਤਾ ਨਾਲ ਆਯੋਜਿਤ ਕੀਤਾ ਗਿਆ। ਅੱਜ ਇਸ ਐੱਨ.ਐੱਸ.ਐੱਸ. ਸੱਤ ਰੋਜ਼ਾ ਵਿਸ਼ੇਸ਼ ਕੈਂਪ ਦਾ ਸੱਤਵਾਂ ਅਤੇ ਆਖ਼ਰੀ ਦਿਨ ਸੀ। ਦਿਨ ਦੀ ਸ਼ੁਰੂਆਤ ਰਾਸ਼ਟਰੀ ਸੇਵਾ ਯੋਜਨਾ ਦੇ ਗੀਤ ਨਾਲ ਕੀਤੀ ਗਈ, ਜਿਸ ਨਾਲ ਸਾਰੇ ਵਲੰਟੀਅਰਾਂ ਵਿੱਚ ਇੱਕ ਨਵਾਂ ਜੋਸ਼, ਉਤਸ਼ਾਹ ਅਤੇ ਸੇਵਾ ਭਾਵਨਾ ਦੇਖਣ ਨੂੰ ਮਿਲੀ। ਕੈਂਪ ਦੇ ਆਖ਼ਰੀ ਦਿਨ ਦਾ ਮਾਹੌਲ ਖਾਸਾ ਉਤਸ਼ਾਹਪੂਰਕ ਅਤੇ ਭਾਵਨਾਤਮਕ ਰਿਹਾ। ਇਸ ਮੌਕੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਐਨ.ਐੱਸ.ਐੱਸ. ਵਲੰਟੀਅਰ ਜਸਵਿੰਦਰ ਸਿੰਘ (ਬੀ.ਏ. ਭਾਗ ਦੂਜਾ) ਵੱਲੋਂ ਬਹੁਤ ਹੀ ਸੁਚੱਜੇ, ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ ਅਤੇ ਸੰਚਾਲਨ ਦੇ ਸਾਰੇ ਕਾਰਜਕ੍ਰਮ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਇਆ।
ਐਨ.ਐੱਸ.ਐੱਸ. ਦੇ ਇਸ ਪ੍ਰੋਗਰਾਮ ਦੌਰਾਨ ਐੱਨ.ਐੱਸ.ਐੱਸ. ਦੇ ਵਲੰਟੀਅਰਾਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ ਗਈਆਂ। ਦਿਲਪ੍ਰੀਤ ਕੌਰ ਵੱਲੋਂ ਐਨ.ਐੱਸ.ਐੱਸ. ਦੇ ਉਦੇਸ਼ਾਂ, ਮਹੱਤਤਾ ਅਤੇ ਕੈਂਪ ਦੌਰਾਨ ਕੀਤੇ ਗਏ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਐੱਨ.ਐੱਸ.ਐੱਸ. ਵਿਦਿਆਰਥੀਆਂ ਨੂੰ ਸਮਾਜ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਮੰਚ ਹੈ, ਜੋ ਉਨ੍ਹਾਂ ਵਿੱਚ ਸੇਵਾ ਭਾਵਨਾ, ਨੇਤ੍ਰਤਵ ਅਤੇ ਸਮਾਜਿਕ ਸੰਵੇਦਨਸ਼ੀਲਤਾ ਵਿਕਸਿਤ ਕਰਦਾ ਹੈ। ਅਭਿਨਵ ਸਿੰਘ ਵੱਲੋਂ ਇੱਕ ਧਾਰਮਿਕ ਗੀਤ ਦੀ ਸੁੰਦਰ ਪੇਸ਼ਕਾਰੀ ਕੀਤੀ ਗਈ। ਇਸ ਉਪਰੰਤ ਗੁਰਸ਼ਰਨ ਕੌਰ ਵੱਲੋਂ ਐਨ.ਐੱਸ.ਐੱਸ. ਕੈਂਪ ਨਾਲ ਸੰਬੰਧਿਤ ਇੱਕ ਪ੍ਰਭਾਵਸ਼ਾਲੀ ਕਵਿਤਾ ਪੇਸ਼ ਕੀਤੀ ਗਈ, ਜਿਸ ਨੇ ਸੇਵਾ ਅਤੇ ਸਮਰਪਣ ਦੇ ਮਹੱਤਵ ਨੂੰ ਉਜਾਗਰ ਕੀਤਾ। ਮਨਦੀਪ ਕੌਰ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਇੱਕ ਗੰਭੀਰ ਅਤੇ ਪ੍ਰਭਾਵਸ਼ਾਲੀ ਕਵਿਤਾ ਪੇਸ਼ ਕੀਤੀ ਗਈ। ਇਸ ਕਵਿਤਾ ਨੇ ਦਰਸ਼ਕਾਂ ਨੂੰ ਗਹਿਰੇ ਵਿਚਾਰਾਂ ਵਿੱਚ ਡੁਬੋ ਦਿੱਤਾ ਅਤੇ ਕੁਰਬਾਨੀ, ਧਰਮ ਅਤੇ ਦੇਸ਼ਭਗਤੀ ਦੇ ਮਹਾਨ ਆਦਰਸ਼ਾਂ ਨੂੰ ਯਾਦ ਕਰਵਾਇਆ।
ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਹਰਜਿੰਦਰ ਸਿੰਘ ਵੱਲੋਂ ਕਾਲਜ ਵਿਖੇ ਪਹੁੰਚੇ ਪਿੰਡ ਬੀਰੋਵਾਲ ਦੇ ਸਰਪੰਚ ਸ੍ਰੀ ਜਸਪਾਲ ਸਿੰਘ ਜੀ ਦਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਐਨ.ਐੱਸ.ਐੱਸ. ਵਲੰਟੀਅਰਾਂ ਵੱਲੋਂ ਸੱਤ ਦਿਨਾਂ ਦੌਰਾਨ ਕੀਤੇ ਗਏ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੇ, ਜ਼ਿੰਮੇਵਾਰ ਅਤੇ ਸਚੇ ਸਮਾਜਿਕ ਨਾਗਰਿਕ ਬਣਨ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਕੈਂਪ ਦੌਰਾਨ ਸਿੱਖੀਆਂ ਹੋਈਆਂ ਗੱਲਾਂ ਨੂੰ ਆਪਣੇ ਸਮਾਜਿਕ ਅਤੇ ਨਿੱਜੀ ਜੀਵਨ ਵਿੱਚ ਅਮਲ ਵਿੱਚ ਲਿਆਉਣਾ ਹੀ
ਐਨ.ਐੱਸ.ਐੱਸ. ਕੈਂਪ ਦੀ ਅਸਲ ਸਫਲਤਾ ਹੈ। ਇਸ ਤੋਂ ਬਾਅਦ ਪਿੰਡ ਬੀਰੋਵਾਲ ਦੇ ਸਰਪੰਚ ਸ੍ਰੀ ਜਸਪਾਲ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਨ.ਐੱਸ.ਐੱਸ. ਕੈਂਪ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਐਨ.ਐੱਸ.ਐੱਸ. ਵਲੰਟੀਅਰਾਂ ਵੱਲੋਂ ਕੀਤੇ ਗਏ ਸਮਾਜ ਸੇਵਾ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸਮਾਜ ਦੀ ਭਲਾਈ ਲਈ ਹਮੇਸ਼ਾ ਅੱਗੇ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਅਤੇ ਜਸਪਾਲ ਸਿੰਘ (ਪਿੰਡ ਬੀਰੋਵਾਲ ਸਰਪੰਚ) ਵੱਲੋਂ ਐੱਨ.ਐੱਸ.ਐੱਸ. ਦੇ ਵਲੰਟੀਅਰਾਂ ਨੂੰ ਇਕ-ਇਕ ਸਰਟੀਫਿਕੇਟ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ । ਕਾਰਜਕ੍ਰਮ ਦੇ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਹਰਜਿੰਦਰ ਸਿੰਘ ਵੱਲੋਂ ਪਿੰਡ ਬੀਰੋਵਾਲ ਦੇ ਸਰਪੰਚ ਸ੍ਰੀ ਜਸਪਾਲ ਸਿੰਘ ਜੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਉਪਰੰਤ ਐਨ.ਐੱਸ.ਐੱਸ. ਦੇ ਸਾਰੇ ਵਲੰਟੀਅਰਾਂ ਲਈ ਵਿਸ਼ੇਸ਼ ਭੋਜਨ ਦਾ ਪ੍ਰਬੰਧ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ, ਅਨੁਸ਼ਾਸਨ, ਸੇਵਾ ਭਾਵਨਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ
ਜਾਗਰੁਕਤਾ ਪੈਦਾ ਕਰਨਾ ਸੀ। ਸੱਤ ਦਿਨਾਂ ਤੱਕ ਚੱਲੇ ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਮਾਜਿਕ, ਸਾਂਸਕ੍ਰਿਤਿਕ ਅਤੇ ਜਾਗਰੂਕਤਾ ਸੰਬੰਧੀ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਐੱਨ.ਐੱਸ.ਐੱਸ ਯੂਨਿਟ ਮੈਂਬਰ ਪ੍ਰੋਫੈਸਰ ਸੋਨੀਆ, ਪ੍ਰੋਫੈਸਰ ਜਸਵਿੰਦਰ ਰੱਲ, ਪ੍ਰੋਫੈਸਰ ਨੇਹਾ ਰਾਣੀ, ਪ੍ਰੋਫੈਸਰ ਹਰਿੰਦਰਜੀਤ ਸਿੰਘ, ਪ੍ਰੋਫੈਸਰ ਪਰਮਜੀਤ ਕੌਰ ਅਤੇ ਕਾਲਜ ਦੇ ਪ੍ਰੋ ਪ੍ਰਿਆ ਬਾਵਾ, ਡਾ. ਬਲਜੀਤ ਕੌਰ ਪ੍ਰੋ. ਪ੍ਰਿਅੰਕਾ, ਸ੍ਰੀ ਸੁਰੇਸ਼ ਕੁਮਾਰ (ਜੂਨੀਅਰ ਸਹਾਇਕ) ਅਤੇ ਕਾਲਜ ਦੇ ਸਮੂਹ ਐੱਨ.ਐੱਸ.ਐੱਸ ਵਲੰਟੀਅਰਜ਼ ਹਾਜ਼ਰ ਸਨ।
WPS ਦਫਤਰ ਦੁਆਰਾ ਸੰਚਾਲਿਤ