ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਵਿਦਿਆਰਥੀਆਂ ਵਿੱਚ ਸਮਾਜਿਕ ਚੇਤਨਾ, ਸਿਹਤ ਸੰਬੰਧੀ ਜਾਗਰੂਕਤਾ ਅਤੇ ਰਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਸ਼ਾ ਵਿਰੋਧੀ ਕਮੇਟੀ ਅਤੇ ਐਨ.ਐਸ.ਐਸ. ਦੇ ਸਾਂਝੇ ਪ੍ਰੋਗਰਾਮ ਤਹਿਤ ਮਿਤੀ 27 ਫਰਵਰੀ 2026 ਨੂੰ ਨਸ਼ਾ ਵਿਰੋਧੀ ਅਤੇ ਏਡਸ ਜਾਗਰੂਕਤਾ ਵਿਸ਼ੇ ਉੱਪਰ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾ. ਹਰਜਿੰਦਰ ਸਿੰਘ, ਪ੍ਰਿੰਸੀਪਲ ਕਮ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਅਤੇ ਏਡਸ ਵਰਗੀ ਘਾਤਕ ਬਿਮਾਰੀ ਤੋਂ ਬਚਾਅ ਸੰਬੰਧੀ ਜਾਗਰੂਕ ਕਰਨਾ ਸੀ।




ਇਸ ਮੁਕਾਬਲੇ ਵਿੱਚ ਕਾਲਜ ਦੀਆਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਅਤੇ ਰੁਚੀ ਨਾਲ ਭਾਗ ਲਿਆ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਪੋਸਟਰ ਬਹੁਤ ਹੀ ਪ੍ਰਭਾਵਸ਼ਾਲੀ, ਸੰਦੇਸ਼ਪੂਰਕ ਅਤੇ ਰੰਗ-ਬਿਰੰਗੀ ਰਚਨਾਤਮਕਤਾ ਨਾਲ ਭਰਪੂਰ ਸਨ। ਪੋਸਟਰਾਂ ਰਾਹੀਂ ਨਸ਼ਿਆਂ ਨਾਲ ਹੋ ਰਹੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਨੂੰ ਦਰਸਾਇਆ ਗਿਆ ਅਤੇ ਨਾਲ ਹੀ ਏਡਸ ਤੋਂ ਬਚਾਅ ਲਈ ਸਾਵਧਾਨੀਆਂ, ਸੁਰੱਖਿਅਤ ਜੀਵਨ ਸ਼ੈਲੀ ਅਤੇ ਸਹੀ ਜਾਣਕਾਰੀ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ। ਜੱਜਮੈਂਟ ਕਮੇਟੀ ਵੱਲੋਂ ਪੋਸਟਰਾਂ ਦੀ ਪਰਖ ਵਿਸ਼ੇ ਦੀ ਸਪਸ਼ਟਤਾ, ਕਲਾਤਮਕ ਸੁੰਦਰਤਾ ਅਤੇ ਸੰਦੇਸ਼ ਦੀ ਪ੍ਰਭਾਵਸ਼ੀਲਤਾ ਦੇ ਆਧਾਰ ‘ਤੇ ਕੀਤੀ ਗਈ।
ਮੁਕਾਬਲੇ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਪਹਿਲਾ ਸਥਾਨ ਦੀਕਸ਼ਾ ਬੀਏ ਭਾਗ ਦੂਜਾ ਸੰਜੀਵ ਕੁਮਾਰ ਬੀਏ ਭਾਗ ਤੀਜਾ ਅਤੇ ਤੀਸਰਾ ਇਨਾਮ ਤਾਨੀਆ ਬੀਏ ਭਾਗ ਦੂਜਾ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮ ਪ੍ਰਾਪਤ ਕਰਕੇ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਆਤਮਵਿਸ਼ਵਾਸ ਸਪਸ਼ਟ ਨਜ਼ਰ ਆ ਰਿਹਾ ਸੀ। ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੀ ਕਲਾਤਮਕ ਯੋਗਤਾ ਦੀ ਕਦਰ ਸੀ, ਸਗੋਂ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਿਆ।
ਇਸ ਮੌਕੇ ‘ਤੇ ਪ੍ਰਿੰਸੀਪਲ ਪ੍ਰੋਫੈਸਰ ਹਰਜਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਵਿੱਚ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਅਪਣਾਉਣ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਇਸੇ ਤਰ੍ਹਾਂ ਵੱਧ ਤੋਂ ਵੱਧ ਆਪਣੀਆਂ ਕਲਾਂਵਾਂ ਦਾ ਪ੍ਰਦਰਸ਼ਨ ਕਰਨ, ਰਚਨਾਤਮਕ ਗਤੀਵਿਧੀਆਂ ਵਿੱਚ ਭਾਗ ਲੈਣ ਅਤੇ ਜੀਵਨ ਵਿੱਚ ਅੱਗੇ ਵਧਣ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਫੈਸਰ ਡਾ. ਹਰਬਲਾਸ ਹੀਰਾ ਦੁਆਰਾ ਨਸ਼ਾ ਵਿਰੋਧੀ ਕਮੇਟੀ ਅਤੇ ਐਨ.ਐਸ.ਐਸ. ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਹ ਮੁਕਾਬਲਾ ਬੜੀ ਹੀ ਸੁਚੱਜੀ ਤਰ੍ਹਾਂ ਸੰਪੰਨ ਹੋਇਆ। ਇਹ ਪ੍ਰੋਗਰਾਮ ਕਾਲਜ ਦੇ ਇਤਿਹਾਸ ਵਿੱਚ ਇੱਕ ਸਫਲ ਅਤੇ ਪ੍ਰੇਰਣਾਦਾਇਕ ਕਦਮ ਸਾਬਤ ਹੋਇਆ, ਜਿਸ ਨਾਲ ਵਿਦਿਆਰਥੀਆਂ ਵਿੱਚ ਸਿਹਤ, ਸਮਾਜ ਅਤੇ ਕਲਾ ਪ੍ਰਤੀ ਨਵੀਂ ਚੇਤਨਾ ਜਾਗਰੂਕ ਹੋਈ। ਇਸ ਮੌਕੇ ਕਾਲਜ ਸਟਾਫ ਵਿੱਚੋਂ ਡਾ. ਬਲਜੀਤ ਕੌਰ, ਸ਼੍ਰੀਮਤੀ ਪ੍ਰੀਆ ਬਾਵਾ, ਸ਼੍ਰੀਮਤੀ ਸੋਨੀਆ, ਹਰਿੰਦਰਜੀਤ ਸਿੰਘ, ਨੇਹਾਂ ਰਾਣੀ, ਜਸਵਿੰਦਰ ਰੱਲ ਅਤੇ ਵਿਦਿਆਰਥੀ ਮੌਜੂਦ ਰਹੇ।