ਹਰਾ-ਭਰਾ ਵਾਤਾਵਰਣ ਹੀ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੈ – ਪ੍ਰਿੰਸੀਪਲ ਗੀਤਾਂਜਲੀ ਸ਼ਰਮਾ


ਨਵਾਂਸ਼ਹਿਰ 13 ਮਈ (ਜਤਿੰਦਰਪਾਲ ਸਿੰਘ ਕਲੇਰ ) ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ, ਜਾਡਲਾ ਦੇ ਈਕੋ ਕਲੱਬ ਅਤੇ ਐਨਐਸਐਸ ਯੂਨਿਟ ਵੱਲੋਂ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਅਤੇ ਵਾਈਸ-ਪ੍ਰਿੰਸੀਪਲ ਪ੍ਰਿਆ ਬਾਵਾ ਦੀ ਅਗਵਾਈ ਹੇਠ ਕਾਲਜ ਵਿਖੇ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਬਾਰੇ ਜਾਗਰੂਕਤਾ ਫੈਲਾਈ ਗਈ।ਇਸ ਮੌਕੇ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਦੀ ਮਹੱਤਤਾ ਬਾਰੇ ਸੱਚੇ ਮਨੋਭਾਵ ਨਾਲ ਆਪਣੀ ਭੂਮਿਕਾ ਨਿਭਾਉਣ ਦਾ ਆਹਵਾਨ ਕੀਤਾ। ਉਨ੍ਹਾਂ ਕਿਹਾ ਕਿ ਹਰੇ-ਭਰੇ ਦਰੱਖਤ ਨਾ ਸਿਰਫ਼ ਸਾਡੇ ਆਲੇ ਦੁਆਲੇ ਦੀ ਸੁੰਦਰਤਾ ਵਧਾਉਂਦੇ ਹਨ, ਸਗੋਂ ਇਹ ਸਾਡੀ ਸਿਹਤ ਅਤੇ ਭਵਿੱਖ ਲਈ ਵੀ ਅਤਿ ਜ਼ਰੂਰੀ ਹਨ। ਵਾਈਸ-ਪ੍ਰਿੰਸੀਪਲ ਸ੍ਰੀਮਤੀ ਪ੍ਰਿਆ ਬਾਵਾ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਸੀਆਂ ਗਤੀਵਿਧੀਆਂ
ਰਾਹੀਂ ਵਿਦਿਆਰਥੀਆਂ ਵਿਚ ਪ੍ਰਕਿਰਤੀ ਪ੍ਰਤੀ ਜਿੰਮੇਵਾਰੀ ਦਾ ਭਾਵ ਪੈਦਾ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ, ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿੱਚ ਸਮਾਜਿਕ ਜਿੰਮੇਵਾਰੀ ਅਤੇ ਸਹਿ-ਅਸਤਿਤਵ ਦੀ ਭਾਵਨਾ ਵਿਕਸਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਘੱਟੋ-ਘੱਟ ਇੱਕ ਬੂਟਾ ਜ਼ਰੂਰ ਲਗਾਏ ਅਤੇ ਉਸਦੀ ਸੰਭਾਲ ਕਰਕੇ ਪ੍ਰਕਿਰਤੀ ਨਾਲ ਨਾਭਾ ਜੋੜੇ। ਸਹਾਇਕ ਪ੍ਰੋਫੈਸਰ ਪ੍ਰਿਯੰਕਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਕਾਲਜ ਵਿਖੇ ਦੇਸੀ ਅਤੇ ਮੌਸਮੀ ਬੂਟੇ ਲਗਾਏ ਗਏ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਲਗਾਏ ਬੂਟਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ, ਤਾਂ ਜੋ ਇਹ ਬੂਟੇ ਲੰਬੇ ਸਮੇਂ ਤੱਕ ਸੁਰੱਖਿਅਤ ਰਹਿ ਸਕਣ।