ਭਾਸ਼ਾ ਦਿਵਸ ਮੌਕੇ ਕੰਧ ਪੱਤਰਿਕਾ ਦੀ ਸ਼ੁਰੂਆਤ
ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ, ਜਡਲਾ ਵਿਖੇ ਅੱਜ ਭਾਸ਼ਾ ਦਿਵਸ ਬੜੀ ਹੀ ਉਤਸ਼ਾਹ ਅਤੇ ਸਾਹਿਤਕ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਪ੍ਰੋਫੈਸਰ ਡਾਕਟਰ ਹਰਜਿੰਦਰ ਸਿੰਘ ਪ੍ਰਿੰਸੀਪਲ-ਕਮ-ਡਿਪਟੀ ਡਾਇਰੈਕਟਰ, ਉੱਚੇਰੀ ਸਿੱਖਿਆ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਕੰਧ ਪੱਤਰਿਕਾ ਦੀ ਸ਼ੁਰੂਆਤ ਕੀਤੀ ਗਈ।
ਪ੍ਰਿੰਸੀਪਲ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਸ਼ਾ ਕਿਸੇ ਵੀ ਕੌਮ ਦੀ ਪਹਿਚਾਣ ਹੁੰਦੀ ਹੈ ਅਤੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕੰਧ ਪੱਤਰਿਕਾ ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਸਿਰਜਣਾਤਮਕਤਾ ਅਤੇ ਆਤਮ-ਵਿਸ਼ਵਾਸ ਦੀ ਸ਼ਕਤੀ ਨੂੰ ਮਜ਼ਬੂਤ ਕਰਦੀਆਂ ਹਨ।
ਪੰਜਾਬੀ ਵਿਭਾਗ ਦੇ ਪ੍ਰੋਫੈਸਰ ਹਰਿੰਦਰਜੀਤ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕੰਧ ਪੱਤਰਿਕਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਸਾਹਿਤਕ ਰੁਚੀਆਂ ਨੂੰ ਉਭਾਰਨਾ ਅਤੇ ਉਨ੍ਹਾਂ ਨੂੰ ਲਿਖਣ, ਸੋਚਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਧ ਪੱਤਰਿਕਾ ਲਈ ਵਿਦਿਆਰਥੀਆਂ ਵੱਲੋਂ ਕਵਿਤਾਵਾਂ, ਕਹਾਣੀਆਂ, ਲੇਖ, ਦੋਹਰੇ, ਵਿਚਾਰਾਤਮਕ ਲਿਖਤਾਂ ਅਤੇ ਚਿੱਤਰਕਲਾ ਨਾਲ ਸੰਬੰਧਿਤ ਰਚਨਾਵਾਂ ਭੇਜੀਆਂ ਗਈਆਂ ਹਨ, ਜੋ ਵਿਦਿਆਰਥੀਆਂ ਦੀ ਰਚਨਾਤਮਕ ਸਮਰੱਥਾ ਨੂੰ ਦਰਸਾਉਂਦੀਆਂ ਹਨ।
ਕੰਧ ਪੱਤਰਿਕਾ ਦੀ ਸ਼ੁਰੂਆਤ ਦੌਰਾਨ ਵਿਦਿਆਰਥੀਆਂ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ। ਕਈ ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਮੰਚ ਉਨ੍ਹਾਂ ਨੂੰ ਲਿਖਣ ਲਈ ਪ੍ਰੇਰਿਤ ਕਰਦੇ ਹਨ। ਕੰਧ ਪੱਤਰਿਕਾ ਵਿੱਚ ਸ਼ਾਮਲ ਰਚਨਾਵਾਂ ਨੇ ਪੰਜਾਬੀ ਸਾਹਿਤ, ਸਭਿਆਚਾਰ ਅਤੇ ਸਮਾਜਿਕ ਮੁੱਦਿਆਂ ਨੂੰ ਬੜੀ ਸੁੰਦਰਤਾ ਨਾਲ ਉਜਾਗਰ ਕੀਤਾ।
ਕਾਰਜਕ੍ਰਮ ਦੇ ਅੰਤ ਵਿੱਚ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸਾਹਿਤਕ ਗਤੀਵਿਧੀਆਂ ਵਿੱਚ ਸਰਗਰਮ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਭਾਸ਼ਾ ਦਿਵਸ ਮੌਕੇ ਸ਼ੁਰੂ ਕੀਤੀ ਗਈ ਇਹ ਕੰਧ ਪੱਤਰਿਕਾ ਨਿਸ਼ਚਿਤ ਤੌਰ ‘ਤੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਨਵਾਂ ਜੋਸ਼ ਅਤੇ ਰੁਚੀ ਪੈਦਾ ਕਰਨ ਵਿੱਚ ਸਹਾਇਕ ਸਾਬਤ ਹੋਵੇਗੀ।
ਇਸ ਮੌਕੇ ਪ੍ਰੋਫੈਸਰ ਹਰਿੰਦਰਜੀਤ ਸਿੰਘ, ਪ੍ਰੋਫੈਸਰ ਪ੍ਰਿਆ ਬਾਵਾ, ਪ੍ਰੋਫੈਸਰ ਪ੍ਰਿਆੰਕਾ, ਪ੍ਰੋਫੈਸਰ ਵਰਿੰਦਰਪਾਲ ਸਿੰਘ, ਪ੍ਰੋਫੈਸਰ ਜਸਵਿੰਦਰ ਰੱਲ, ਪ੍ਰੋਫੈਸਰ ਸੋਨੀਆ, ਪ੍ਰੋਫੈਸਰ ਨੇਹਾ ਰਾਣੀ ਅਤੇ ਪ੍ਰੋਫੈਸਰ ਪਰਮਜੀਤ ਕੌਰ ਹਾਜ਼ਰ ਸਨ।