ਪ੍ਰਿੰਸੀਪਲ ਦੀ ਕਲਮ ਤੋਂ

Smt. Simmi Johal

Principal
S D S Govt. College Jadla

ਪਿਆਰੇ ਵਿਦਿਆਰਥੀਓ,

ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਸਿਰਮੌਰ ਸਰਕਾਰੀ ਵਿਦੱਅਕ ਸੰਸਥਾ ਹੈ।ਅਗਸਤ 2018 ਵਿੱਚ ਪਿੰਡ ਬੀਰੋਵਾਲ ਦੇ ਗੁਰਦੁਆਰਾ ਸਾਹਿਬ ਤੋ ਸ਼ੁਰੂ ਹੋਈ ਇਹ ਸੰਸਥਾ ਜਨਵਰੀ 2021 ਵਿੱਚ ਪਿੰਡ ਜਾਡਲਾ ਵਿਖੇ ਪੰਜ ਏਕੜ ਵਿੱਚ ਬਣੀ ਆਪਣੀ ਰਮਣੀਕ ਵਿਸ਼ਾਲ ਇਮਾਰਤ ਵਿੱਚ ਤਬਦੀਲ ਹੋ ਗਈ। ਇਸ ਸੰਸਥਾ ਵਿੱਚ ਵਿਦਆਰਥੀਆਂ ਦੀ ਸੁਵਿਧਾ ਲਈ,ਖੁੱਲੇ ਰੌਸ਼ਨੀ ਭਰਪੂਰ ਅਤੇ ਹਵਾਦਾਰ ਕਲਾਸ-ਰੂਮਜ਼, ਲੈਕਚਰ ਥੀਏਟਰ, ਬਹੁਮੰਤਵੀ ਹਾਲ ,ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ, ਕੰਟੀਨ ਅਤੇ ਆਧੁਨਿਕ ਪ੍ਰਯੋਗਸ਼ਾਲਾਵਾਂ ਹਨ।ਇਸ ਸੰਸਥਾ ਦੇ ਸੁਯੋਗ ਅਧਿਆਪਕ ਉੱਚ ਯੋਗਤਾ ਪ੍ਰਾਪਤ,ਮਿਹਨਤੀ ਅਤੇ ਤਜ਼ਰਬੇਕਾਰ ਹਨ।ਇਸ ਤੋਂ ਇਲਾਵਾ ਸੁਚੱਜਾ ਨਾਨ-ਟੀਚਿੰਗ ਸਟਾਫ ਹਰ ਸਮੇਂ ਤੁਹਾਡੀ ਸਹਾਇਤਾ ਲਈ ਹਾਜ਼ਰ ਹੈ।

ਇਹ ਸੰਸਥਾ ਤੁਹਾਡੀ ਪ੍ਰਤਿਭਾ ਅਤੇ ਸਖਸ਼ੀਅਤ ਦੇ ਬਹੁਪੱਖੀ ਵਿਕਾਸ ਕਰਨ ਲਈ ਸਹਿ-ਵਿੱਦਿਅਕ ਗਤੀਵਿਧੀਆਂ ਜਿਵੇਂ ਕਿ ਕੌਮੀ ਸੇਵਾ ਯੋਜਨਾ, ਯੁਵਕ ਸੇਵਾਵਾਂ ਕਲੱਬ, ਰੈੱਡ- ਰਿਬਨ ਕਲੱਬ, ਯੁਵਕ ਮੇਲਿਆਂ ,ਸੈਮੀਨਾਰਾਂ ਆਦਿ ਰਾਹੀਂ ਮੰਚ ਪ੍ਰਦਾਨ ਕਰਦੀ ਹੈ ਅਤੇ ਤੁਹਾਡੀ ਅਗਵਾਈ ਕਰਦੀ ਹੈ।ਇਸ ਤੋਂ ਇਲਾਵਾ ਇਹ ਸੰਸਥਾ ਸਵੱਛ ਭਾਰਤ ਮਿਸ਼ਨ, ਤੰਦਰੁਸਤ ਪੰਜਾਬ ਮਿਸ਼ਨ, ਮੁਫਤ ਕਾਨੂਨੀ ਸੇਵਾਵਾਂ, ਬੱਡੀ ਪ੍ਰੋਗਰਾਮ ਅਤੇ ਵੋਟਰ ਜਾਗਰੁਕਤਾ ਸਬੰਧੀ ਪ੍ਰੋਗਰਾਮਾਂ ਰਾਹੀਂ ਵਿਦਆਰਥੀਆਂ ਵਿੱਚ ਚੇਤਨਾ ਪੈਦਾ ਕਰਕੇ ਉਨ੍ਹਾਂ ਨੂੰ ਨਸ਼ਿਆਂ,ਕੰਨਿਆ ਭਰੂਣ ਹੱਤਿਆ, ਦਾਜ ਦੀ ਲਾਹਣਤ ਜਿਹੀਆਂ ਬੁਰਾਈਆਂ ਖਿਲਾਫ ਖੜੇ ਹੋ ਕੇ ਉਸਾਰੂ ਸਮਾਜ ਦੀ ਸਿਰਜਣਾ ਕਰਨ ਪ੍ਰਤੀ ਪ੍ਰੇਰਨ ਲਈ ਹਮੇਸ਼ਾ ਤੱਤਪਰ ਹੈ।

ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਇਸ ਸੰਸਥਾ ਨੂੰ ਪਹਿਲ ਦੇ ਆਧਾਰ ਤੇ ਚੁਣਿਆ ਹੈ।ਮੈਨੂੰ ਪੂਰਨ ਆਸ ਹੈ ਕਿ ਤੁਸੀਂ ਇਸਦੇ ਉਸਾਰੂ ਅਤੇ ਮਿਲਵਰਤਣ ਭਰਪੂਰ ਵਾਤਾਵਰਣ ਵਿੱਚ ਵਿੱਦਿਆ ਪ੍ਰਾਪਤ ਕਰਕੇ ਨਾ ਸਿਰਫ ਆਪਣੇ ਆਪ ਲਈ ਸਗੋਂ ਪੂਰੇ ਸਮਾਜ ਲਈ ਇੱਕ ਬਿਹਤਰ ਬਦਲਾਅ ਦਾ ਵਾਹਕ ਬਣੋਗੇ ਅਤੇ ਆਪਣੇ ਸੁਪਨੇ ਸਾਕਾਰ ਕਰਦਿਆਂ ਜੀਵਨ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰਕੇ ਇਸ ਸੰਸਥਾ ਦਾ ਨਾਮ ਰੋਸ਼ਨ ਕਰੋਗੇ।