
50 ਕਿਲੋ ਪਲਾਸਟਿਕ ਵੇਸਟ ਤੋਂ ਤਿਆਰ ਸੈਲਫੀ ਪੋਇੰਟ ਸਿੰਗਲ ਯੂਜ਼ ਪਲਾਸਟਿਕ ਦੇ ਖਿਲਾਫ ਦੇਵੇਗਾ ਮਜ਼ਬੂਤ ਸੁਨੇਹਾ
ਨਵਾਂਸ਼ਹਿਰ 16 ਫਰਵਰੀ(ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੀ ਕ੍ਰਿਸ਼ਣਾ ਯੂਥ ਕਲੱਬ ਦੀ “ਅਪਸਾਈਕਲਿੰਗ ਟੈਸ਼ ਇਨ ਟੂ ਈਕੋ ਬ੍ਰਿਕਸ” ਮੁਹਿੰਮ ਦੇ ਤਹਿਤ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਅੱਜ ਸਰਕਾਰੀ ਕਾਲਜ ਜਾਡਲਾ ਵਿਖੇ ਇੱਕ ਆਕਰਸ਼ਕ ਅਤੇ ਵਾਤਾਵਰਨ ਮਿਤਰ ਸੈਲਫੀ ਪਵਾਇੰਟ ਸਥਾਪਿਤ ਕੀਤਾ ਗਿਆ ਹੈ। ਇਹ ਸੈਲਫੀ ਪਵਾਇੰਟ ਲਗਭਗ 50 ਕਿਲੋ ਪਲਾਸਟਿਕ ਵੇਸਟ ਤੋਂ ਤਿਆਰ ਕੀਤਾ ਗਿਆ ਹੈ, ਜੋ ਕਿ ਸਿੰਗਲ ਯੂਜ਼ ਪਲਾਸਟਿਕ ਦੇ ਖਿਲਾਫ ਇੱਕ ਮਜ਼ਬੂਤ ਸੁਨੇਹਾ ਦਿੰਦਾ ਹੈ। ਇਹ ਪਹਿਲ ਸ਼੍ਰੀ ਕ੍ਰਿਸ਼ਣਾ ਯੂਥ ਕਲੱਬ ਦੇ ਲਗਾਤਾਰ ਯਤਨ ਦਾ ਹਿੱਸਾ ਹੈ, ਜੋ ਪਿਛਲੇ ਤਿੰਨ ਸਾਲਾਂ ਤੋਂ “ਅਪਸਾਈਕਲਿੰਗ ਟੈਸ਼ ਇਨ ਟੂ ਈਕੋ ਬ੍ਰਿਕਸ” ਮੁਹਿੰਮ ਚਲਾ ਰਹੇ ਹਨ।
ਇਸ ਮੁਹਿੰਮ ਦੇ ਤਹਿਤ, ਵੇਸਟ ਪਲਾਸਟਿਕ ਬੋਤਲਾਂ ਵਿੱਚ ਪੋਲਿਥੀਨ ਬੈਗ ਭਰਕੇ ਈਕੋ ਬ੍ਰਿਕਸ ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਇਨ੍ਹਾਂ ਤੋਂ ਵੱਖ-ਵੱਖ ਮਾਡਲ ਤਿਆਰ ਕੀਤੇ ਜਾਂਦੇ ਹਨ। ਕਲੱਬ ਦੇ ਪ੍ਰਧਾਨ ਅੰਕੁਸ਼ ਨਿਝਾਵਨ ਨੇ ਦੱਸਿਆ ਕਿ ਪਿਛਲੇ ਮਹੀਨੇ ਐੱਸ.ਡੀ.ਐਸ. ਸਰਕਾਰੀ ਕਾਲਜ ਜਾਡਲਾ ਵਿੱਚ ਆਯੋਜਿਤ ਇੱਕ ਵਰਕਸ਼ਾਪ ਵਿੱਚ ਕਾਲਜ ਦੇ ਐਨ.ਐੱਸ.ਐੱਸ. ਵਾਲੰਟੀਅਰਾਂ ਨੂੰ ਈਕੋ ਬ੍ਰਿਕਸ ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਵਾਲੰਟੀਅਰਾਂ ਨੇ ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਦੌਰਾਨ ਲਗਭਗ 250 ਈਕੋ ਬ੍ਰਿਕਸ ਤਿਆਰ ਕੀਤੇ, ਜਿਨ੍ਹਾਂ ਤੋਂ ਇਹ ਸੈਲਫੀ ਪਵਾਇੰਟ ਤਿਆਰ ਕੀਤਾ ਗਿਆ ਹੈ।



