ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਫਰੈਸ਼ਰ ਅਤੇ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਕਾਲਜ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਸਨਮਾਨਪੂਰਵਕ ਸਵਾਗਤ ਕਰਨਾ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਯਾਦਗਾਰੀ ਵਿਦਾਈ ਦੇਣਾ ਸੀ। ਸਮਾਗਮ ਵਿੱਚ ਬੀ.ਏ ਅਤੇ ਬੀ.ਕਾਮ ਫਾਈਨਲ ਦੇ ਵਿਦਿਆਰਥੀਆਂ ਨੂੰ ਫੇਅਰਵੈੱਲ ਪਾਰਟੀ ਦਿੱਤੀ ਗਈ, ਜਦਕਿ ਬੀ.ਏ ਅਤੇ ਬੀ.ਕਾਮ ਭਾਗ ਪਹਿਲਾ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਵੈਲਕਮ ਸਪੀਚ ਨਾਲ ਕੀਤੀ ਗਈ, ਜੋ ਬੀ.ਏ ਭਾਗ ਦੂਜਾ ਦੇ ਵਿਦਿਆਰਥੀ ਗੁਰਸ਼ਰਨ ਕੌਰ ਅਤੇ ਜਸਵਿੰਦਰ ਸਿੰਘ ਵੱਲੋਂ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤੀ ਗਈ। ਉਨ੍ਹਾਂ ਨੇ ਨਵੇਂ ਵਿਦਿਆਰਥੀਆਂ ਦਾ ਦਿਲੋਂ ਸਵਾਗਤ ਕੀਤਾ ਅਤੇ ਕਾਲਜ ਦੇ ਸੱਭਿਆਚਾਰਕ ਅਤੇ ਸਿੱਖਿਆਕ ਮਾਹੌਲ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਤੋਂ ਬਾਅਦ ਬੀ.ਕਾਮ ਭਾਗ ਦੂਜਾ ਦੇ ਵਿਦਿਆਰਥੀ ਭੁਵਨੇਸ਼ਵਰ ਵੱਲੋਂ ਇੱਕ ਗੀਤ ਦੀ ਪੇਸ਼ਕਾਰੀ ਕੀਤੀ ਗਈ। ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਜੀਵਨ ਵਿਦਿਆਰਥੀਆਂ ਦੇ ਭਵਿੱਖ ਦੀ ਨੀਂਹ ਹੁੰਦਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਸਮੱਸਿਆਵਾਂ ਤੋਂ ਭੱਜਣ ਦੀ ਥਾਂ ਉਨ੍ਹਾਂ ਦਾ ਹੱਲ ਕਰਨ ਦੀ ਯੋਗਤਾ ਪੈਦਾ ਕਰਨ। ਉਨ੍ਹਾਂ ਨੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਉੱਚੀਆਂ ਉਡਾਣਾਂ ਭਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਸੱਭਿਆਚਾਰਕ ਪ੍ਰੋਗਰਾਮ ਦੇ ਤਹਿਤ ਮਨਪ੍ਰੀਤ ਕੌਰ, ਮੁਸਕਾਨ (ਬੀ.ਏ ਭਾਗ ਦੂਜਾ) ਅਤੇ ਬੀ.ਕਾਮ ਭਾਗ ਦੂਜਾ ਦੀਆਂ ਵਿਦਿਆਰਥਣਾਂ ਹਰਜੋਤ ਕੌਰ, ਸੁਮਨ, ਸੁਖਪ੍ਰੀਤ, ਪਲਕ ਅਤੇ ਦਵਿੰਦਰ ਕੌਰ ਅਤੇ ਬੀ.ਕਾਮ ਭਾਗ ਤੀਜਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਵੱਲੋਂ ਪੰਜਾਬੀ ਗੀਤਾਂ ਅਤੇ ਨ੍ਰਿਤਿਆਂ ਨਾਲ ਸਮਾਗਮ ਵਿੱਚ ਰੌਣਕ ਪਾਈ ਗਈ।

ਇਸ ਤੋਂ ਬਾਅਦ ਬੀ.ਏ ਭਾਗ ਤੀਜਾ ਦੇ ਵਿਦਿਆਰਥੀ ਸੰਜੀਵ, ਨਰਿੰਦਰ, ਜੈਸਮੀਨ ਅਤੇ ਵਿਸ਼ਾਲ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਵਿਦਿਆਰਥੀਆਂ ਦੀ ਸਿਰਜਣਾਤਮਕ ਯੋਗਤਾ ਨੂੰ ਉਜਾਗਰ ਕੀਤਾ ਅਤੇ ਦਰਸ਼ਕਾਂ ਵੱਲੋਂ ਭਰਪੂਰ ਤਾਲੀਆਂ ਹਾਸਲ ਕੀਤੀਆਂ।

ਸਮਾਗਮ ਦਾ ਇੱਕ ਖਾਸ ਆਕਰਸ਼ਣ ਫਰੈਸ਼ਰ ਅਤੇ ਫੇਅਰਵੈੱਲ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਕਾਨਫੀਡੈਂਸ ਵਾਕ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਆਤਮ-ਵਿਸ਼ਵਾਸ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੱਜਾਂ ਵੱਲੋਂ ਪ੍ਰਦਰਸ਼ਨ ਦੇ ਆਧਾਰ ‘ਤੇ ਵੱਖ-ਵੱਖ ਖ਼ਿਤਾਬਾਂ ਦਾ ਐਲਾਨ ਕੀਤਾ ਗਿਆ।

ਇਸ ਸਾਲ ਮਿਸਟਰ ਅਤੇ ਮਿਸ ਫਰੈਸ਼ਰ ਦਾ ਖ਼ਿਤਾਬ ਬੀ.ਏ ਭਾਗ ਪਹਿਲਾ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਅਤੇ ਮੁਸਕਾਨ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਮਿਸ ਐਲੀਗੈਂਟ ਦਾ ਖ਼ਿਤਾਬ ਮਾਮੀਨਾ ਖਾਤੂਨ ਨੂੰ ਮਿਲਿਆ, ਜਦਕਿ ਮਿਸਟਰ ਹੈਂਡਸਮ ਕਰਨਪ੍ਰੀਤ ਸਿੰਘ ਚੁਣੇ ਗਏ।

ਫੇਅਰਵੈੱਲ ਕੈਟੇਗਰੀ ਵਿੱਚ ਬੀ.ਏ ਭਾਗ ਤੀਜਾ ਦੇ ਵਿਦਿਆਰਥੀ ਵਿਸ਼ਾਲ ਨੂੰ ਮਿਸਟਰ ਫੇਅਰਵੈੱਲ ਅਤੇ ਬੀ.ਕਾਮ ਭਾਗ ਤੀਜਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ। ਇਸ ਤੋਂ ਇਲਾਵਾ ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਗੁਰਲੀਨ ਨੂੰ ਮਿਸ ਐਲੀਗੈਂਟ ਅਤੇ ਜੈਸਮੀਨ ਨੂੰ ਮਿਸਟਰ ਹੈਂਡਸਮ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ।

ਸਮਾਗਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸਾਹਿਬਾਨ ਵੱਲੋਂ ਇਨਾਮ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸਭ ਨੇ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਡਾ. ਬਲਜੀਤ ਕੌਰ, ਪ੍ਰੋਫੈਸਰ ਪਰਮਜੀਤ ਕੌਰ, ਪ੍ਰੋਫੈਸਰ ਪ੍ਰਿਆ ਬਾਵਾ, ਪ੍ਰੋਫੈਸਰ ਪ੍ਰਿਅੰਕਾ, ਸ੍ਰੀ ਸੁਰੇਸ਼ ਕੁਮਾਰ (ਜੁਨੀਅਰ ਸਹਾਇਕ) ਆਦਿ ਹਾਜ਼ਰ ਸਨ।

ਕਾਲਜ ਦੀ ਇਹ ਫਰੈਸ਼ਰ ਅਤੇ ਫੇਅਰਵੈੱਲ ਪਾਰਟੀ ਬਹੁਤ ਹੀ ਸਫਲ ਅਤੇ ਯਾਦਗਾਰ ਰਹੀ, ਜਿਸ ਨੇ ਵਿਦਿਆਰਥੀਆਂ ਦੇ ਦਿਲਾਂ ਵਿੱਚ ਖੁਸ਼ੀਆਂ ਅਤੇ ਉਤਸ਼ਾਹ ਨੂੰ ਭਰ ਦਿੱਤਾ ਅਤੇ ਕਾਲਜ ਦੇ ਸੱਭਿਆਚਾਰਕ ਮਾਹੌਲ ਨੂੰ ਹੋਰ ਮਜ਼ਬੂਤ ਕੀਤਾ।