
ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ, ਜਾਫਲਾ ਵਿਖੇ ਫਾਇਰ ਸੇਫਟੀ ਮੌਕ ਡ੍ਰਿਲ ਕਰਵਾਈ ਗਈ।
ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ, ਪ੍ਰੋ. (ਡਾ.) ਹਰਜਿੰਦਰ ਸਿੰਘ ਪ੍ਰਿੰਸੀਪਲ-ਕਮ-ਡਿਪਟੀ ਡਾਇਰੈਕਟਰ ਉੱਚੇਰੀ ਸਿੱਖਿਆ ਵਿਭਾਗ, ਪੰਜਾਬ ਦੀ ਯੋਗ ਅਗਵਾਈ ਹੇਠ ਕਾਲਜ ਦੇ ਡਿਜਾਸਟਰ ਰਿਸਕ ਰਿਡਕਸ਼ਨ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਐਮਰਜੈਂਸੀ ਹਾਲਾਤਾਂ ਨਾਲ ਜੂਝਣ ਅਤੇ ਜਾਗਰੂਕ ਕਰਨ ਦੇ ਮਕਸਦ ਨਾਲ ਫਾਇਰ ਸੇਫਟੀ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸ੍ਰੀ ਅਜੇ ਗੋਇਲ (ਸਟੇਸ਼ਨ ਫਾਇਰ ਅਫਸਰ), ਸ੍ਰੀ ਹਰਿਕਿਸ਼ਨ ਸਿੰਘ (ਫਾਇਰ ਮੈਨ), ਸ੍ਰੀ ਕੁਲਵਿੰਦਰ ਕੁਮਾਰ (ਐਲ.ਐਫ.ਐਮ.) ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਨੂੰ ਅੱਗ ਲੱਗਣ ਦੀ ਸਥਿਤੀ ਵਿੱਚ ਬਚਾਵ ਅਤੇ ਸੁਰੱਖਿਆ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ।
ਫਾਇਰ ਸਟੇਸ਼ਨ ਅਫਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਅੱਗ ਨਾਲ ਸੰਬੰਧਿਤ ਹਾਦਸਿਆਂ ਦੇ ਕਾਰਨਾਂ ਅਤੇ ਉਨ੍ਹਾਂ ਤੋਂ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਅਕਸਰ ਅੱਗ ਦੇ ਹਾਦਸੇ ਬੇਧਿਆਨੀ, ਬਿਜਲੀ ਦੇ ਸ਼ਾਰਟ ਸਰਕਿਟ, ਗੈਸ ਲੀਕੇਜ ਜਾਂ ਹੋਰ ਲਾਪਰਵਾਹੀਆਂ ਕਾਰਨ ਵਾਪਰਦੇ ਹਨ।
ਇਸ ਲਈ ਹਰ ਇਕ ਵਿਅਕਤੀ ਨੂੰ ਆਪਣੀ ਦਿਨਚਰਿਆ ਵਿੱਚ ਸੁਰੱਖਿਆ ਦੇ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਟੇਸ਼ਨ ਫਾਇਰ ਅਫਸਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਜੇਕਰ ਕਿਸੇ ਥਾਂ ‘ਤੇ ਅਚਾਨਕ ਅੱਗ ਲੱਗ ਜਾਵੇ ਤਾਂ ਘਬਰਾਉਣ ਦੀ ਬਜਾਏ ਸਹੀ ਤਰੀਕੇ ਨਾਲ ਕਾਰਵਾਈ ਕਰਨੀ ਬਹੁਤ ਜਰੂਰੀ ਹੁੰਦੀ ਹੈ।
ਉਨ੍ਹਾਂ ਨੇ ਵੱਖ-ਵੱਖ ਹਾਲਾਤਾਂ ਅਨੁਸਾਰ ਅੱਗ ‘ਤੇ ਕਾਬੂ ਪਾਉਣ ਦੇ ਤਰੀਕਿਆਂ ਬਾਰੇ ਵਿਦਿਆਰਥੀਆਂ ਨੂੰ ਸਮਝਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਗ ਲੱਗਣ ਦੀ ਸਥਿਤੀ ਵਿੱਚ ਸਭ ਤੋਂ ਪਹਿਲਾਂ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਤੁਰੰਤ ਫਾਇਰ ਬ੍ਰਿਗੇਡ ਜਾਂ ਸੰਬੰਧਿਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕਰਨਾ ਚਾਹੀਦਾ ਹੈ।
ਇਸ ਮੌਕ ਡ੍ਰਿਲ ਦੌਰਾਨ ਫਾਇਰ ਸਟੇਸ਼ਨ ਅਫਸਰ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਅੱਗ ਬੁਝਾਉਣ ਵਾਲੇ ਵੱਖ-ਵੱਖ ਕਿਸਮ ਦੇ ਸਿਲੰਡਰਾਂ (ਫਾਇਰ ਐਕਸਟਿੰਗਵਿਸ਼ਰ) ਬਾਰੇ ਵੀ ਪ੍ਰਯੋਗਾਤਮਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਸਿਲੰਡਰ ਕਿਵੇਂ ਖੋਲ੍ਹੇ ਜਾਂਦੇ ਹਨ ਅਤੇ ਕਿਸ ਤਰੀਕੇ ਨਾਲ ਉਨ੍ਹਾਂ ਦਾ ਇਸਤੇਮਾਲ ਕਰਕੇ ਅੱਗ ਨੂੰ ਸ਼ੁਰੂਆਤੀ ਪੱਧਰ ‘ਤੇ ਹੀ ਕਾਬੂ ਕੀਤਾ ਜਾ ਸਕਦਾ ਹੈ।
ਟੀਮ ਵੱਲੋਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਡੈਮੋ ਵੀ ਦਿੱਤਾ ਗਿਆ, ਜਿਸ ਨਾਲ ਵਿਦਿਆਰਥੀਆਂ ਨੂੰ ਇਸ ਦੀ ਪ੍ਰਯੋਗਿਕ ਸਮਝ ਮਿਲੀ।
ਵਿਦਿਆਰਥੀਆਂ ਨੇ ਇਸ ਫਾਇਰ ਸੇਫਟੀ ਡ੍ਰਿਲ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਅੱਗ ਨਾਲ ਸੰਬੰਧਿਤ ਹਾਦਸਿਆਂ ਤੋਂ ਬਚਾਅ ਦੇ ਤਰੀਕੇ ਬਾਰੇ ਨਵੀਂ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੇ ਇਸ ਗਤੀਵਿਧੀ ਨੂੰ ਬਹੁਤ ਲਾਭਦਾਇਕ ਦੱਸਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਉਨ੍ਹਾਂ ਨੂੰ ਭਵਿੱਖ ਵਿੱਚ ਕਿਸੇ ਵੀ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ।
ਇਸ ਮੌਕੇ ਕਾਲਜ ਦੇ ਡਿਜਾਸਟਰ ਰਿਸਕ ਰਿਡਕਸ਼ਨ ਕਲੱਬ ਦੇ ਨੋਡਲ ਅਫਸਰ ਪ੍ਰੋ. ਪਰਮਜੀਤ ਕੌਰ ਨੇ ਇਸ ਮੌਕੇ ਫਾਇਰ ਸਟੇਸ਼ਨ ਅਫਸਰ ਸ੍ਰੀ ਅਜੇ ਗੋਇਲ ਜੀ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਜਾਗਰੂਕਤਾ ਨੂੰ ਧਿਆਨ ਵਿੱਚ ਰੱਖਦਿਆਂ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਮਿਲੀ ਜਾਣਕਾਰੀ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਅਤੇ ਹੋਰ ਲੋਕਾਂ ਨੂੰ ਵੀ ਸੁਰੱਖਿਆ ਬਾਰੇ ਜਾਗਰੂਕ ਕਰਨ।


